2 Kings 12

1ਯੇਹੂ ਦੇ ਸੱਤਵੇਂ ਸਾਲ ਯਹੋਆਸ਼ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਚਾਲੀ ਸਾਲ ਰਾਜ ਕੀਤਾ, ਉਹ ਦੀ ਮਾਤਾ ਦਾ ਨਾਮ ਸਿਬਯਾਹ ਸੀ, ਜੋ ਬਏਰਸ਼ਬਾ ਦੀ ਸੀ । 2ਯਹੋਆਸ਼ ਆਪਣੀ ਸਾਰੀ ਉਮਰ ਜਦ ਤੱਕ ਯਹੋਯਾਦਾ ਜਾਜਕ ਉਹ ਨੂੰ ਸਿੱਖਿਆ ਦਿੰਦਾ ਰਿਹਾ, ਉਹ ਹੀ ਕੰਮ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ । 3ਤਦ ਵੀ ਉੱਚੇ ਥਾਂ ਉਨ੍ਹਾਂ ਨੇ ਨਾ ਢਾਏ । ਅਜੇ ਤੱਕ ਲੋਕ ਉੱਚਿਆਂ ਥਾਵਾਂ ਉੱਤੇ ਬਲੀ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ ।

4ਯਹੋਆਸ਼ ਨੇ ਜਾਜਕਾਂ ਨੂੰ ਆਖਿਆ, ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਉਹ ਸਾਰਾ ਰੁਪਿਆ, ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਵੇ ਅਰਥਾਤ ਗਿਣਿਆ ਹੋਇਆ ਲੋਕਾਂ ਦਾ ਰੁਪਿਆ ਅਤੇ ਉਹ ਸਭ ਰੁਪਿਆ ਜੋ ਕੋਈ ਆਦਮੀ ਆਪਣੀ ਇੱਛਾ ਨਾਲ ਯਹੋਵਾਹ ਦੇ ਭਵਨ ਵਿੱਚ ਲਿਆਵੇ । 5ਜਾਜਕ ਆਪਣੇ ਪਹਿਚਾਣ ਵਾਲਿਆਂ ਕੋਲੋਂ ਲੈ ਲਿਆ ਕਰਨ ਅਤੇ ਜਿੱਥੇ ਕਿਤੇ ਯਹੋਵਾਹ ਦੇ ਭਵਨ ਵਿੱਚ ਟੁੱਟ-ਫੁੱਟ ਹੋਵੇ ਉਨ੍ਹਾਂ ਟੁੱਟਾਂ-ਫੁੱਟਾਂ ਦੀ ਮੁਰੰਮਤ ਕਰਨ ।

6ਪਰ ਅਜਿਹਾ ਹੋਇਆ ਕਿ ਯਹੋਆਸ਼ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਨਾ ਕੀਤੀ । 7ਉਪਰੰਤ ਯਹੋਆਸ਼ ਰਾਜਾ ਨੇ ਯਹੋਯਾਦਾ ਜਾਜਕ ਅਤੇ ਦੂਜੇ ਜਾਜਕਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਤੁਸੀਂ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਿਉਂ ਨਹੀਂ ਕਰਦੇ ? ਇਸ ਲਈ ਆਪਣਿਆਂ ਜਾਣ ਪਛਾਣਾਂ ਕੋਲੋਂ ਹੁਣ ਰੁਪਿਆ ਨਾ ਲਵੋ ਪਰ ਭਵਨ ਦੀ ਟੁੱਟ-ਫੁੱਟ ਲਈ ਦੇਵੋ । 8ਇਸ ਲਈ ਜਾਜਕਾ ਨੇ ਮੰਨ ਲਿਆ ਕਿ ਨਾ ਤਾਂ ਅਸੀਂ ਲੋਕਾਂ ਕੋਲੋਂ ਚਾਂਦੀ ਲਵਾਂਗੇ, ਨਾ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਰਾਂਗੇ ।

9ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ, ਉਹ ਦੇ ਢੱਕਣ ਵਿੱਚ ਮੋਰੀ ਕੀਤੀ ਅਤੇ ਉਸ ਨੂੰ ਜਗਵੇਦੀ ਦੇ ਕੋਲ ਇਸ ਤਰ੍ਹਾਂ ਟਿਕਾਇਆ ਕਿ ਯਹੋਵਾਹ ਦੇ ਭਵਨ ਵਿੱਚ ਵੜਨ ਵਾਲੇ ਦੇ ਸੱਜੇ ਪਾਸੇ ਰਹੇ ਅਤੇ ਉਹ ਜਾਜਕ ਜੋ ਡਿਉੜ੍ਹੀ ਦੀ ਰਖਵਾਲੀ ਕਰਦੇ ਸਨ, ਉਹ ਸਾਰਾ ਰੁਪਿਆ ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਂਦਾ ਸੀ, ਉਸ ਵਿੱਚ ਪਾ ਦਿੰਦੇ ਸਨ । 10ਜਦ ਉਹ ਵੇਖਦੇ ਸਨ ਕਿ ਸੰਦੂਕ ਵਿੱਚ ਬਹੁਤ ਰੁਪਿਆ ਹੋ ਗਿਆ ਹੈ ਤਦ ਰਾਜਾ ਦਾ ਪ੍ਰਧਾਨ ਅਤੇ ਮਹਾਂ ਜਾਜਕ ਉੱਥੇ ਆ ਕੇ ਉਸ ਰੁਪਏ ਨੂੰ ਜਿਹੜਾ ਯਹੋਵਾਹ ਦੇ ਭਵਨ ਵਿੱਚ ਮਿਲਦਾ ਸੀ, ਥੈਲੀਆਂ ਵਿੱਚ ਪਾ ਕੇ ਗਿਣ ਲੈਂਦੇ ਸਨ ।

11ਤਦ ਉਹ ਉਸ ਰੁਪਏ ਨੂੰ ਜੋ ਤੋਲਿਆ ਹੁੰਦਾ ਸੀ, ਉਨ੍ਹਾਂ ਕੰਮ ਕਰਨ ਵਾਲਿਆਂ ਦੇ ਹੱਥ ਵਿੱਚ ਦੇ ਦਿੰਦੇ ਸਨ, ਜੋ ਯਹੋਵਾਹ ਦੇ ਭਵਨ ਦੀ ਦੇਖ-ਭਾਲ ਕਰਦੇ ਸਨ ਅਤੇ ਉਹ ਤਰਖਾਣਾਂ ਦੇ ਉਸਾਰੀ ਕਰਨ ਵਾਲਿਆਂ ਨੂੰ ਜੋ ਯਹੋਵਾਹ ਦੇ ਭਵਨ ਦਾ ਕੰਮ ਕਰਦੇ ਸਨ, 12ਰਾਜਮਿਸਤਰੀਆਂ ਨੂੰ, ਪੱਥਰ ਕੱਟਣ ਵਾਲਿਆਂ ਨੂੰ ਅਤੇ ਯਹੋਵਾਹ ਦੇ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਦੇ ਲਈ ਲੱਕੜ ਤੇ ਕੱਟੇ ਹੋਏ ਪੱਥਰ ਮੁੱਲ ਲੈਣ ਲਈ ਸਭ ਕੁਝ ਲਈ ਜੋ ਭਵਨ ਦੀ ਮੁਰੰਮਤ ਦੇ ਲਈ ਆਉਂਦਾ ਸੀ ਦੇ ਦਿੰਦੇ ਸਨ ।

13ਪਰ ਜੋ ਰੁਪਿਆ ਯਹੋਵਾਹ ਦੇ ਭਵਨ ਵਿੱਚ ਲਿਆਂਦਾ ਜਾਂਦਾ ਸੀ, ਉਹ ਦੇ ਵਿੱਚੋਂ ਯਹੋਵਾਹ ਦੇ ਭਵਨ ਦੇ ਲਈ ਚਾਂਦੀ ਦੇ ਪਿਆਲੇ, ਗੁਲਤਰਾਸ਼, ਬਾਟਾਂ, ਤੁਰ੍ਹੀਆਂ, ਸੋਨੇ ਦੇ ਭਾਂਡੇ ਜਾਂ ਚਾਂਦੀ ਦੇ ਭਾਂਡੇ ਨਾ ਬਣਾਏ ਗਏ । 14ਕਿਉਂ ਜੋ ਉਹ ਕਾਰੀਗਰਾਂ ਨੂੰ ਦਿੰਦੇ ਹੁੰਦੇ ਸਨ, ਉਨ੍ਹਾਂ ਨੇ ਉਸ ਨਾਲ ਯਹੋਵਾਹ ਦੇ ਭਵਨ ਦੀ ਮੁਰੰਮਤ ਕੀਤੀ ।

15ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕੰਮ ਕਰਨ ਵਾਲਿਆਂ ਨੂੰ ਦੇਣ ਲਈ ਰੁਪਿਆ ਦਿੰਦੇ ਸਨ, ਉਹਨਾਂ ਕੋਲੋਂ ਹਿਸਾਬ ਨਹੀਂ ਲੈਂਦੇ ਸਨ ਕਿਉਂ ਜੋ ਉਹ ਇਮਾਨਦਾਰੀ ਨਾਲ ਕੰਮ ਕਰਦੇ ਸਨ । 16ਦੋਸ਼ ਦੀਆਂ ਬਲੀਆਂ ਦਾ ਰੁਪਿਆ ਅਤੇ ਪਾਪ ਦੀਆਂ ਬਲੀਆਂ ਦਾ ਰੁਪਿਆ ਯਹੋਵਾਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ, ਉਹ ਜਾਜਕਾਂ ਦਾ ਹੁੰਦਾ ਸੀ ।

17ਤਦ ਅਰਾਮ ਦੇ ਰਾਜਾ ਹਜ਼ਾਏਲ ਨੇ ਚੜ੍ਹਾਈ ਕੀਤੀ ਅਤੇ ਗਥ ਨਾਲ ਲੜ ਕੇ ਉਸ ਨੂੰ ਲੈ ਲਿਆ । ਤਦ ਹਜ਼ਾਏਲ ਨੇ ਯਰੂਸ਼ਲਮ ਵੱਲ ਮੂੰਹ ਮੋੜਿਆ ਕਿ ਉਹ ਦੇ ਉੱਤੇ ਵੀ ਚੜ੍ਹਾਈ ਕਰੇ । 18ਇਸ ਲਈ ਯਹੂਦਾਹ ਦੇ ਰਾਜਾ ਯਹੋਆਸ਼ ਨੇ ਸਾਰੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਜਿਨ੍ਹਾਂ ਨੂੰ ਉਹ ਦੇ ਪਿਉ-ਦਾਦਿਆਂ ਯਹੋਸ਼ਾਫਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜਿਆਂ ਨੇ ਪਵਿੱਤਰ ਕੀਤਾ ਸੀ, ਆਪਣੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਤੇ ਜਿੰਨਾ ਸੋਨਾ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਅਤੇ ਰਾਜਾ ਦੇ ਮਹਿਲ ਵਿੱਚ ਮਿਲਿਆ ਉਹ ਲੈ ਕੇ ਅਰਾਮ ਦੇ ਰਾਜਾ ਹਜ਼ਾਏਲ ਨੂੰ ਭੇਜ ਦਿੱਤਾ ਤਦ ਉਹ ਯਰੂਸ਼ਲਮ ਵੱਲੋਂ ਚਲਾ ਗਿਆ ।

19ਯੋਆਸ਼ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ? 20ਫਿਰ ਉਸ ਦੇ ਟਹਿਲੂਆਂ ਨੇ ਉੱਠ ਕੇ ਮਤਾ ਪਕਾਇਆ ਅਤੇ ਯੋਆਸ਼ ਨੂੰ ਮਿੱਲੋ ਦੇ ਘਰ ਵਿੱਚ ਜੋ ਸਿੱਲਾ ਦੀ ਢਾਲ ਉੱਤੇ ਹੈ ਮਾਰ ਛੱਡਿਆ । ਅਰਥਾਤ ਉਸ ਦੇ ਸੇਵਕ ਸਿਮਾਥ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਨੇ ਉਸ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹ ਆਪਣੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।

21

Copyright information for PanULB